ਸਿਫਲਿਸ ਕੀ ਹੁੰਦੀ ਹੈ?

ਸਿਫਲਿਸ ਇੱਕ ਸੰਭੋਗ ਤੋਂ ਫੈਲਣ ਵਾਲੀ (STI) ਲਾਗ ਹੈ ਜੋ ਟ੍ਰੀਪੋਨੀਮਾ ਪੈਲੀਡਮ ਬੈਕਟੀਰੀਆ (Treponema pallidum) ਤੋਂ ਫੈਲਦੀ ਹੈ।
ਦੋਵੇਂ ਮਰਦ ਅਤੇ ਔਰਤਾਂ ਸਿਫਲਿਸ ਤੋਂ ਪ੍ਰਭਾਵਿਤ ਹੋ ਸਕਦੇ ਹਨ।


ਮੈਨੂੰ ਸਿਫਲਿਸ ਕਿਵੇਂ ਹੋ ਸਕਦੀ ਹੈ?


ਤੁਹਾਨੂੰ ਸਿਫਲਿਸ ਹੇਠ ਲਿਖੇ ਅਨੁਸਾਰ ਹੋ ਸਕਦੀ ਹੈ:

 • ਕਿਸੇ ਦੇ ਸਿਫਲਿਸ ਫੋੜੇ ਜਾਂ ਖੁਰਕ ਨੂੰ ਛੋਹਣ ਨਾਲ ਭਾਂਵੇਂ ਉਹ ਫੋੜਾ ਜਾਂ ਖੁਰਕ ਨਜ਼ਰ ਵੀ ਨਾਂ ਆਵੇ।
 • ਕਿਸੇ ਨਾਲ ਨਾਲ ਮੂੰਹ, ਯੋਨੀ ਜਾਂ ਗੁਦਾ ਰਾਹੀਂ ਕੰਡੋਮ ਦੀ ਵਰਤੋਂ ਬਗੈਰ ਸੰਭੋਗ ਕਰਨ ਨਾਲ।
 • ਲਾਗ ਵਾਲੇ ਖੂਨ ਨਾਲ ਸੰਪਰਕ ਵਿੱਚ ਆਉਣ ਨਾਲ
 • ਗਰਭਵਤੀ ਔਰਤਾਂ ਸਿਫਲਿਸ ਆਪਣੇ ਬੱਚੇ ਨੂੰ ਦੇ ਸਕਦੀਆਂ ਹਨ

ਸਿਫਲਿਸ ਅਤੇ ਬੱਚੇ (ਜਮਾਂਦਰੂ ਸਿਫਲਿਸ)


ਇੱਕ ਗਰਭਵਤੀ ਔਰਤ ਆਪਣੇ ਬੱਚੇ ਨੂੰ ਖੂਨ ਰਾਹੀਂ ਸਿਫਲਿਸ ਦੀ ਲਾਗ ਦੇ ਸਕਦੀ ਹੈ। ਕਈ ਵਾਰ ਬੱਚਾ ਜਨਮ ਸਮੇਂ ਮਰਿਆ ਜਾਂ ਨੁਕਸਾਨਿਆ ਹੋ ਸਕਦਾ ਹੈ। ਇਸ ਨੂੰ ਜਮਾਂਦਰੂ ਸਿਫਲਿਸ ਕਹਿੰਦੇ ਹਨ ਤੇ ਇਹ ਆਸਟਰੇਲੀਆ ਵਿੱਚ ਘੱਟ ਹੀ ਹੁੰਦੀ ਹੈ।

ਬਹੁਤ ਵਾਰ ਬੱਚੇ ਕਿਸੇ ਤਰ੍ਹਾਂ ਦੇ ਲੱਛਣਾਂ ਤੋਂ ਰਹਿਤ ਹੀ ਜੰਮਦੇ ਹਨ, ਪਰ ਉਨ੍ਹਾਂ ਦੇ ਗੰਭੀਰ ਤਰ੍ਹਾਂ ਬਿਮਾਰ ਹੋ ਜਾਣ ਦੀ ਸੰਭਾਵਨਾ ਰਹਿੰਦੀ ਹੈ।

ਮੈਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਮੈਂ ਸਿਫਲਿਸ ਤੋਂ ਪ੍ਰਭਾਵਿਤ ਹਾਂ?


ਬਹੁਤੀ ਵਾਰ ਸਿਫਲਿਸ ਦੇ ਕੋਈ ਲੱਛਣ ਨਹੀਂ ਹੁੰਦੇ, ਸੋ ਸਿਫਲਿਸ ਤੋਂ ਪ੍ਰਭਾਵਿਤ ਲੋਕ ਆਪਣੇ ਆਪ ਨੂੰ ਸਿਹਤਮੰਦ ਅਤੇ ਠੀਕ ਸਮਝਦੇ ਹਨ। ਸਿਰਫ ਇੱਕ ਖੂਨ ਦਾ ਟੈਸਟ ਹੀ ਦੱਸ ਸਕਦਾ ਹੈ ਕਿ ਤੁਹਾਨੂੰ ਸਿਫਲਿਸ ਹੇ।

ਔਰਤਾਂ ਨੂੰ ਗਰਭਵਤੀ ਹੋਣ ਦੇ ਪਹਿਲੇ 12 ਹਫਤਿਆਂ ਦੇ ਅੰਦਰ ਅੰਦਰ ਜਾਂ ਉਨ੍ਹਾਂ ਦੇ ਆਪਣੇ ਡਾਕਟਰ ਨਾਲ ਪਹਿਲੀ ਮੁਲਾਕਾਤ ਸਮੇਂ ਸਿਫਲਿਸ ਟੈਸਟ ਕਰਵਾ ਲੈਣਾ ਚਾਹੀਦਾ ਹੈ। ਕਈ ਔਰਤਾਂ ਦੀ ਗਰਭ ਅਵਸਥਾ ਦੇ ਬਾਅਦ ਦੇ ਸਮੇਂ ਵਿੱਚ ਵੀ ਸਿਫਲਿਸ ਲਈ ਮੁੜ ਜਾਂਚ ਕੀਤੀ ਜਾ ਸਕਦੀ ਹੈ।

ਜੇ ਮੈਨੂੰ ਸਿਫਲਿਸ ਹੋ ਜਾਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?


 • ਜਿੰਨ੍ਹੀ ਦੇਰ ਤੱਕ ਤੁਹਾਡਾ ਸਿਫਲਿਸ ਲਈ ਇਲਾਜ ਜਾਰੀ ਰਹਿੰਦਾ ਹੈ, ਉਨ੍ਹੀ ਦੇਰ ਕੰਡੋਮ ਦੀ ਵਰਤੋਂ ਕਰਕੇ ਵੀ ਕਿਸੇ ਨਾਲ ਸੰਭੋਗ ਨਾ ਕਰੋ,  ।
 • ਜੇ ਤੁਸੀਂ ਸਿਫਲਿਸ ਤੋਂ ਪੀੜਤ ਹੋ, ਤਾਂ ਤੁਹਾਡੇ ਲਿੰਗੀ ਸੰਭੋਗ ਸਾਥੀਆਂ ਨੂੰ ਟੈਸਟ ਕਰਵਾਉਣ ਲਈ ਕਹੋ ਤਾਂ ਜੋ ਉਨ੍ਹਾਂ ਦਾ ਟੈਸਟ ਕੀਤਾ ਜਾ ਸਕੇ।
 • ਤੁਹਾਡਾ ਡਾਕਟਰ ਤੁਹਾਨੂੰ ਸਲਾਹ ਦੇ ਸਕਦਾ ਹੈ ਕਿ ਤੁਹਾਨੂੰ ਕਿਸ ਨੂੰ ਦੱਸਣ ਦੀ ਲੋੜ ਹੈ ਕਿ ਤੁਸੀਂ ਸਿਫਲਿਸ ਤੋਂ ਪੀੜਤ ਹੋ ਅਤੇ ਉਹ ਉਨ੍ਹਾਂ ਨੂੰ ਦੱਸਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਕੀ ਸਿਫਲਿਸ ਦਾ ਇਲਾਜ ਹੋ ਸਕਦਾ ਹੈ?


 • ਜੀ ਹਾਂ, ਸਿਫਲਿਸ ਦਾ ਟੀਕਿਆਂ ਦੇ ਕੋਰਸ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਇਲਾਜ ਦੀ ਮਿਆਦ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਸਿਫਲਿਸ ਕਿਸ ਪੱਧਰ ‘ਤੇ ਹੈ। ਇਹ ਯਕੀਨੀ ਬਣਾਓ ਕਿ ਤੁਸੀਂ ਡਾਕਟਰ ਦੀ ਹਰ ਮੁਲਾਕਾਤ ‘ਤੇ ਜਾਂਦੇ ਰਹੋ।
 • ਸਿਫਲਿਸ ਦੇ ਪੂਰੇ ਇਲਾਜ ਤੋਂ ਬਾਅਦ ਤੁਹਾਨੂੰ ਇਹ ਪਤਾ ਕਰਨ ਲਈ ਕਿ ਤੁਸੀਂ ਸਿਫਲਿਸ ਤੋਂ ਮੁਕਤ ਹੋ ਗਏ ਹੋ, ਇੱਕ ਹੋਰ ਜਾਂਚ ਕਰਵਾਉਣ ਦੀ ਲੋੜ ਹੈ।
 • ਔਰਤਾਂ ਨੂੰ ਗਰਭ ਅਵਸਥਾ ਦੇ ਸ਼ੁਰੂ ਹੋਣ ਸਮੇਂ ਹੀ ਉਨ੍ਹਾਂ ਦੇ ਬੱਚੇ ਨੂੰ ਸਿਫਲਿਸ ਤੋਂ ਪ੍ਰਭਾਵਿਤ ਨਾ ਹੋਣ ਲਈ ਇਲਾਜ ਕਰਵਾਉਣ ਦੀ ਲੋੜ ਹੈ।
 • ਬੀਤੇ ਸਮੇਂ ਵਿੱਚ ਸਿਫਲਿਸ ਦੇ ਇਲਾਜ ਕੀਤੇ ਜਾਣ ਦੇ ਬਾਵਜੂਦ ਵੀ ਤੁਹਾਨੂੰ ਸਿਫਲਿਸ ਦੁਬਾਰਾ ਹੋ ਸਕਦਾ ਹੈ।

ਮੈਨੂੰ ਸਿਫਲਿਸ ਤੋਂ ਆਪਣਾ ਬਚਾਅ ਕਰਨ ਲਈ ਕੀ ਕਰਨਾ ਚਾਹੀਦਾ ਹੈ?


 • ਸਿਫਲਿਸ ਵਾਸਤੇ ਅਪਣਾ ਅਤੇ ਆਪਣੇ ਸੰਭੋਗ ਸਾਥੀ ਦਾ ਟੈਸਟ ਕਰਵਾਓ। ਜੇ ਤੁਹਾਡੇ ਇੱਕ ਤੋਂ ਵੱਧ ਲਿੰਗੀ ਸਾਥੀ ਹਨ ਜਾਂ ਤੁਹਾਡਾ ਲਿੰਗੀ ਸਾਥੀ ਇੱਕ ਤੋਂ ਵੱਧ ਲੋਕਾਂ ਨਾਲ ਸੰਭੋਗ ਕਰਦਾ/ਕਰਦੀ ਹੈ ਤਾਂ ਨਿਯਮਤ ਤੌਰ ‘ਤੇ ਟੈਸਟ ਕਰਵਾਓ। ਵਧੇਰੇ ਲਿੰਗੀ ਸਾਥੀ ਹੋਣ ਨਾਲ ਸਿਫਲਿਸ ਹੋਣ ਦਾ ਖਤਰਾ ਵੱਧ ਜਾਂਦਾ ਹੈ।
 • ਸਿਫਲਿਸ ਲਈ ਆਪਣਾ ਅਤੇ ਆਪਣੇ ਸਾਥੀ ਦਾ ਇਲਾਜ ਕਰਾਓ ਤਾਂ ਜੋ ਤੁਸੀਂ ਇੱਕ ਦੂਜੇ ਨੂੰ ਜਾਂ ਹੋਰਨਾਂ ਨੂੰ ਸਿਫਲਿਸ ਤੋਂ ਪ੍ਰਭਾਵਿਤ ਨਾ ਕਰ ਸੱਕੋ।
 • ਲਿੰਗੀ. ਗੁਦਾ ਜਾਂ ਔਰਲ (ਮੂੰਹ ਰਾਹੀਂ) ਸੰਭੋਗ ਕਰਨ ਸਮੇਂ ਕੰਡੋਮ ਦੀ ਵਰਤੋਂ ਕਰੋ। ਆਪਣੇ ਲੰਬੇ ਸਮੇਂ ਦੇ ਸਾਥੀ ਨਾਲ ਵੀ ਸੰਭੋਗ ਕਰਨ ਸਮੇਂ ਕੰਡੋਮ ਦੀ ਵਰਤੋਂ ਕਰੋ ਜੇ ਤੁਹਾਡੇ ਹੋਰਨਾਂ ਨਾਲ ਵੀ ਲਿੰਗੀ ਸਬੰਧ ਹਨ।
 • ਸੰਭੋਗ ਕਰਨ ਤੋਂ ਪਹਿਲਾਂ ਨਵੇਂ ਲਿੰਗੀ ਸਾਥੀਆਂ ਨਾਲ ਕੰਡੋਮ ਦੀ ਵਰਤੋਂ ਕਰਨ ਬਾਰੇ ਗਲ ਬਾਤ ਕਰੋ।
 • ਕੰਡੋਮ ਦੀ ਵਰਤੋਂ ਕਰ ਕੇ ਵੀ ਕਿਸੇ ਸਿਫਲਿਸ ਤੋਂ ਪੀੜਤ ਵਿਅਕਤੀ ਨਾਲ ਸੰਭੋਗ ਨਾ ਕਰੋ, ਜਿਨ੍ਹੀ ਦੇਰ ਉਨ੍ਹਾਂ ਦਾ ਸਿਫਲਿਸ ਸਬੰਧੀ ਇਲਾਜ ਜਾਰੀ ਹੈ।

ਮੈਂ ਇਹ ਕਿਵੇਂ ਯਕੀਨੀ ਬਣਾ ਸਕਦਾ/ਸਕਦੀ ਹਾਂ ਕਿ ਮੈਂ ਕਿਸੇ ਹੋਰਨਾਂ ਨੂੰ ਸਿਫਲਿਸ ਨਾ ਦੇਵਾਂ?


 • ਕੰਡੋਮ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਜਿਨ੍ਹੀ ਦੇਰ ਤੱਕ ਤੁਹਾਡਾ ਇਲਾਜ ਮੁਕੰਮਲ ਨਹੀਂ ਹੁੰਦਾ ਕਿਸੇ ਨਾਲ ਸੰਭੋਗ ਨਾ ਕਰੋ,
 • ਨਿਯਮਿਤ ਤੌਰ ‘ਤੇ ਸਿਫਲਿਸ ਲਈ ਟੈਸਟ ਕਰਵਾਓ ਜੇ ਤੁਹਾਡੇ ਇੱਕ ਤੋਂ ਵੱਧ ਲਿੰਗੀ ਸਾਥੀ ਹਨ ਜਾਂ ਤੁਹਾਡਾ ਲਿੰਗੀ ਸਾਥੀ ਹੋਰਨਾਂ ਨਾਲ ਸੰਭੋਗ ਕਰਦਾ/ਕਰਦੀ ਹੈ।

ਮੈਂ ਮਦਦ ਅਤੇ ਸਲਾਹ ਕਿਥੋਂ ਲੈ ਸਕਦਾ/ਸਕਦੀ ਹਾਂ?


ਤੁਹਾਨੂੰ ਮਦਦ ਇਨ੍ਹਾਂ ਕੋਲੋਂ ਮਿਲ ਸਕਦੀ ਹੈ:

 • ਕਿਸੇ ਡਾਕਟਰ ਕੋਲੋਂ
 • ਕਿਸੇ ਲਿੰਗਕ ਸਿਹਤ ਕਲੀਨਿਕ ਕੋਲੋਂ
 • ਭਾਈਚਾਰਕ ਸਿਹਤ ਸੇਵਾ ਕੋਲੋਂ
 • ਫੈਮਿਲੀ ਪਲੈਨਿੰਗ ਕੇਂਦਰਾਂ ਤੋਂ

ਹੋਰ ਜਾਣਕਾਰੀ